ਮੁੱਖ ਮੰਤਰੀ ਨੇ ਸੂਬੇ ’ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀਆਂ ਮੈਰਾਥਨ ਮੁਲਾਕਾਤਾਂ
- ਵੱਖ-ਵੱਖ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਸੂਬੇ ਵਿੱਚ ਵੱਡੇ ਨਿਵੇਸ਼ ਦਾ ਦਿੱਤਾ ਸੱਦਾ
- ਹਾਈ ਕਮਿਸ਼ਨਰਾਂ ਨੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਵਿੱਚ ਦਿਖਾਈ ਦਿਲਚਸਪੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਸਫ਼ੀਰਾਂ ਨੇ ਸੂਬੇ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਸਫ਼ੀਰਾਂ ਨਾਲ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਅਪਾਰ ਸੰਭਾਵਨਾਵਾਂ ਤੇ ਮੌਕਿਆਂ ਦਾ ਕੇਂਦਰ ਦੱਸਦਿਆਂ ਉਨ੍ਹਾਂ ਨੂੰ ਆਪੋ-ਆਪਣੇ ਦੇਸ਼ਾਂ ਦੀਆਂ ਕੰਪਨੀਆਂ ਰਾਹੀਂ ਸੂਬੇ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰ ਕੇ ਕੰਪਨੀਆਂ ਨੂੰ ਚੋਖਾ ਲਾਭ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਜਿਹੇ ਮੁੱਖ ਕਾਰਨ ਹੀ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਦਾ ਧੁਰਾ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਕਾਰੋਬਾਰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕੰਮ-ਕਾਜ ਵਿਧੀਆਂ ਨਾਲ ਲੈਸ ਢੁਕਵੇਂ ਮਾਹੌਲ ਤੋਂ ਭਰਪੂਰ ਲਾਭ ਲੈਣਾ ਚਾਹੀਦਾ ਹੈ। ਕੰਪਨੀਆਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਸੂਬਾ ਸਰਕਾਰ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।
ਆਸਟਰੇਲੀਆ ਦੇ ਸਫ਼ੀਰ ਫਿਲਿਪ ਗ੍ਰੀਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਸਟਰੇਲੀਆ ਅਤੇ ਪੰਜਾਬ ਦੋਵਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ, ਖੇਡ ਉਦਯੋਗ, ਪਸ਼ੂ-ਚਾਰਾ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਭਗਵੰਤ ਸਿੰਘ ਮਾਨ ਨੇ ਆਸਟਰੇਲੀਅਨ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਆਸਟਰੇਲੀਆ ਅਤੇ ਪੰਜਾਬ ਦੋਵਾਂ ਲਈ ਲਾਹੇਵੰਦ ਹੋਵੇਗਾ।
ਯੂ.ਕੇ. ਦੇ ਰਾਜਦੂਤ ਐਲੇਕਸ ਏਲਿਸ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂ.ਕੇ. ਅਤੇ ਪੰਜਾਬ ਵਿੱਚ ਐਗਰੀ-ਫੂਡ ਪ੍ਰੋਸੈਸਿੰਗ ਸੈਕਟਰ ਜਿਵੇਂ ਪੋਲਟਰੀ, ਸੂਰ ਪਾਲਣ, ਵੈਲਯੂ ਐਡਿਡ ਡੇਅਰੀ ਉਤਪਾਦਾਂ, ਫਲਾਂ ਦੇ ਜੂਸ ਕਨਸਨਟਰੇਟ ਮੈਨੂਫੈਕਚਰਿੰਗ, ਆਲੂ ਦੀ ਪ੍ਰੋਸੈਸਿੰਗ, ਫੂਡ ਪੈਕੇਜਿੰਗ ਅਤੇ ਰੈਡੀ ਟੂ ਈਟ /ਕੰਫੈਕਸ਼ਨਰੀ ਆਈਟਮਾਂ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂ.ਕੇ. ਅਤੇ ਪੰਜਾਬ ਦੋਵਾਂ ਨੂੰ ਫਾਰਮਾਸਿਊਟੀਕਲਜ਼, ਇੰਜਨੀਅਰਿੰਗ, ਸੂਚਨਾ ਤਕਨਾਲੋਜੀ ਅਤੇ ਰਸਾਇਣਕ ਖੇਤਰਾਂ ਵਿੱਚ ਵੀ ਰਣਨੀਤਕ ਸਾਂਝਾਂ ਤੋਂ ਲਾਭ ਹੋ ਸਕਦਾ ਹੈ। ਉਨ੍ਹਾਂ ਯੂ.ਕੇ. ਦੀਆਂ ਯੂਨੀਵਰਸਿਟੀਆਂ ਨੂੰ ਪੰਜਾਬ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਰਾਜਦੂਤ ਨੂੰ ਯੂ.ਕੇ. ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਬਾਰੇ ਵੀ ਯਾਦ ਦਿਵਾਇਆ ਅਤੇ ਉਨ੍ਹਾਂ ਨੇ ਯਾਤਰੀਆਂ ਦੀ ਸਹੂਲਤ ਲਈ ਯੂ.ਕੇ. ਅਤੇ ਪੰਜਾਬ ਦਰਮਿਆਨ ਸਿੱਧੀ ਫਲਾਈਟ ਕੁਨੈਕਟੀਵਿਟੀ ਮੁਹੱਈਆ ਕਰਵਾਏ ਜਾਣ ਸਬੰਧੀ ਮਸਲੇ ਨੂੰ ਵੀ ਹਰੀ ਝੰਡੀ ਦਿੱਤੀ।
ਬ੍ਰਾਜ਼ੀਲ ਦੇ ਸਫ਼ੀਰ ਕੈਨੇਥ ਐਚ. ਡਾ ਨੋਬਰੇਗਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਦੀਆਂ ਕੰਪਨੀਆਂ ਵੱਲੋਂ ਐਗਰੋ ਫੂਡ ਪ੍ਰੋਸੈਸਿੰਗ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਲੌਜਿਸਟਿਕਸ, ਸੂਚਨਾ ਅਤੇ ਤਕਨਾਲੋਜੀ ਅਤੇ ਰਸਾਇਣਾਂ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਕੇ ਬਹੁਤ ਲਾਭ ਉਠਾ ਸਕਦੀਆਂ ਹਨ ਕਿਉਂਕਿ ਸੂਬੇ ਵਿੱਚ ਉਪਜਾਊ ਜ਼ਮੀਨ ਤੋਂ ਇਲਾਵਾ ਹੁਨਰਮੰਦ ਅਤੇ ਮਿਹਨਤੀ ਮਨੁੱਖਾ ਸ਼ਕਤੀ ਉਪਲਬਧ ਹੈ ਜੋ ਕਿ ਉਨ੍ਹਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਭਗਵੰਤ ਸਿੰਘ ਮਾਨ ਨੇ ਭਰੋਸਾ ਦਿਵਾਇਆ ਕਿ ਰਾਜ ਵਿੱਚ ਨਿਵੇਸ਼ ਕਰਨ ਦੀਆਂ ਚਾਹਵਾਨ ਬ੍ਰਾਜ਼ੀਲੀਅਨ ਕੰਪਨੀਆਂ ਨੂੰ ਸੂਬੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਸਪੇਨ ਦੇ ਰਾਜਦੂਤ ਜੋਸ ਮਾਰੀਆ ਰਿਦਾਓ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਬਾਸਮਤੀ ਚਾਵਲ, ਬਲਕ ਡਰੱਗਜ਼, ਸਟੀਲ ਅਤੇ ਲੋਹੇ ਦੇ ਉਤਪਾਦ, ਆਟੋ ਕੰਪੋਨੈਂਟਸ, ਐਗਰੋ-ਕੈਮੀਕਲਜ਼, ਸੂਤੀ ਕੱਪੜੇ, ਮੇਕਅਪ ਅਤੇ ਹੋਰ ਪ੍ਰਮੁੱਖ ਉਤਪਾਦ ਸਪੇਨ ਨੂੰ ਬਰਾਮਦ (ਨਿਰਯਾਤ) ਕਰਦਾ ਹੈ ਅਤੇ ਇਨ੍ਹਾਂ ਬਰਾਮਦਾਂ ਦਾ ਕੁੱਲ ਮੁੱਲ 510.35 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਐਗਰੋ ਫੂਡ ਪ੍ਰੋਸੈਸਿੰਗ, ਏਰੋਸਪੇਸ ਅਤੇ ਰੱਖਿਆ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ, ਸੂਚਨਾ ਅਤੇ ਤਕਨਾਲੋਜੀ ਅਤੇ ਆਟੋ/ਆਟੋਮੋਬਾਈਲ ਕੰਪੋਨੈਂਟਸ ਦੇ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਪੇਨ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਵਿੱਚ 16ਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਪੰਜਾਬ ਵੀ ਇਸ ਤੋਂ ਬਹੁਤ ਲਾਭ ਉਠਾ ਸਕਦਾ ਹੈ।
ਮਲੇਸ਼ੀਆ ਦੇ ਸਫ਼ੀਰ ਦਾਤੋ ਮੁਜ਼ੱਫਰ ਸ਼ਾਹ ਮੁਸਤਫਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਭ ਤੋਂ ਪਸੰਦੀਦਾ ਸੈਰ ਸਪਾਟਾ ਸਥਾਨ ਵਜੋਂ ਉਭਰਿਆ ਹੈ ਅਤੇ ਸੂਬਾ ਸਰਕਾਰ ਪਹਿਲਾਂ ਹੀ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਮਲੇਸ਼ੀਆ ਦਰਮਿਆਨ ਰਣਨੀਤਕ ਸਾਂਝ ਖਾਸ ਕਰਕੇ ਸੈਰ ਸਪਾਟਾ ਅਤੇ ਵਿਦੇਸ਼ੀ ਪਰਵਾਸੀ ਭਾਰਤੀ ਭਾਈਚਾਰੇ ਦੋਵਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਨਿਰਮਾਣ, ਸੂਚਨਾ ਅਤੇ ਤਕਨਾਲੋਜੀ, ਊਰਜਾ ਅਤੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ਵਿੱਚ ਵੀ ਨਿਵੇਸ਼ ਦੀ ਵੱਡੀ ਸੰਭਾਵਨਾ ਹੈ।
ਨੀਦਰਲੈਂਡ ਦੀ ਰਾਜਦੂਤ ਸ੍ਰੀਮਤੀ ਮੈਰੀ ਲੁਈਸਾ ਗੇਰਾਡਜ਼ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਨੀਦਰਲੈਂਡ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਨੀਦਰਲੈਂਡ ਦੀਆਂ ਕੰਪਨੀਆਂ ਪਹਿਲਾਂ ਹੀ ਪੰਜਾਬ ਵਿੱਚ ਨਿਵੇਸ਼ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਅਕਤੂਬਰ 2023 ਵਿੱਚ ਵਿਵਿਧਾ ਇੰਡਸਟਰੀਅਲ ਪਾਰਕ, ਰਾਜਪੁਰਾ ਵਿਖੇ ਡੀ ਹਿਊਜ਼ ਫੈਕਟਰੀ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੀ ਅਦਾ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੈਂਟਰ ਆਫ ਐਕਸੀਲੈਂਸ ਫਾਰ ਪੋਟਾਟੋ ਕਰੋਪ, ਜੋ ਕਿ ਭਾਰਤੀ-ਡੱਚ ਪ੍ਰੋਜੈਕਟ ਹੈ, ਬੜੀ ਸਫਲਤਾਪੂਰਵਕ ਢੰਗ ਨਾਲ ਚੱਲ ਰਿਹਾ ਹੈ ਅਤੇ ਡੱਚ ਸਰਕਾਰ, ਡੱਚ ਸੰਸਥਾਵਾਂ ਸੋਲੀਡੇਰੀਡਾਡ, ਪੀ.ਯੂ.ਐਮ. (ਵੀ.ਐਨ.ਓ-ਐਨ.ਸੀ.ਡਬਲਯੂ. ਅਤੇ ਨੀਦਰਲੈਂਡਜ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਇੱਕ ਸੰਸਥਾ) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਟੈਕਸਟਾਈਲ ਫਿਨਿਸ਼ਿੰਗ ਕਲੱਸਟਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਅਲੌਇਸ ਅਤੇ ਸਟੀਲਜ਼, ਫਾਰਮਾਸਿਊਟੀਕਲ ਅਤੇ ਸੂਚਨਾ ਤਕਨਾਲੋਜੀ ਵਰਗੇ ਕਈ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਵਡੇਰੀ ਸੰਭਾਵਨਾ ਮੌਜੂਦ ਹੈ।http://PUBLICNEWSUPDATE.COM