Farmers Protest Kisan Andolan
ਕਿਸਾਨਾਂ ਦੇ ਦਿੱਲੀ ਵੱਲ ਵਧਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਸੱਦ ਲਈ ਹੈ। ਇਸ ਦੌਰਾਨ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ। ਜਾਣਕਾਰੀ ਮਿਲੀ ਹੈ ਕਿ ਕੇਂਦਰ ਨੇ ਪੰਜਾਬ ਪੁਲਿਸ ਰਾਹੀਂ ਇਕ ਪ੍ਰਪੋਜਲ ਭੇਜਿਆ ਹੈ। ਕੇਂਦਰ ਕਿਸਾਨਾਂ ਨਾਲ ਇਕ ਹੋਰ ਮੀਟਿੰਗ ਕਰ ਸਕਦਾ ਹੈ।
ਇਹ ਮੀਟਿੰਗ ਅੱਜ ਸ਼ਾਮ ਹੀ ਹੋ ਸਕਦੀ ਹੈ। ਕੇਂਦਰ ਕਿਸਾਨਾਂ ਨੂੰ ਗੱਲਬਾਤ ਰਾਹੀਂ ਮਨਾਉਣ ਲਈ ਮੁੜ ਜੁਟ ਗਿਆ ਹੈ।
ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਬੈਰੀਕੇਡ ਤੋੜੇ ਤਾਂ ਕਾਨੂੰਨੀ ਕਾਰਵਾਈ ਹੋਵੇਗੀ।
ਪੰਜਾਬ ਦੇ ਕਿਸਾਨ ਅੱਜ (ਬੁੱਧਵਾਰ) ਸਵੇਰੇ 11 ਵਜੇ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨਾਂ ਦਾ ਮੁੱਖ ਕਾਫਲਾ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਖਨੌਰੀ ਸਰਹੱਦ ਤੋਂ ਵੀ ਹਰਿਆਣਾ ਵਿਚ ਦਾਖਲ ਹੋਣਗੇ। ਇੱਥੋਂ ਉਹ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਜਾਣਗੇ।
ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਪੰਜਾਬ ਤੋਂ ਭਾਰੀ ਮਸ਼ੀਨਰੀ ਲੈ ਕੇ ਸ਼ੰਭੂ ਬਾਰਡਰ ਵੱਲ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਨਾਕਾਬੰਦੀ ਨੂੰ ਲੈ ਕੇ ਝੜਪ ਹੋ ਗਈ ਸੀ। ਇਸ ਵਿੱਚ ਸ਼ੰਭੂ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਅਤੇ ਮੁਹਾਲੀ ਦੇ ਐਸਪੀ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਸ਼ੰਭੂ ਸਰਹੱਦ ’ਤੇ ਘੱਗਰ ਨਦੀ ’ਤੇ ਬਣੇ ਪੁਲ ’ਤੇ ਸੀਮਿੰਟ ਦੇ ਗਾਰਡਰ ਅਤੇ ਕੰਡਿਆਲੀ ਤਾਰਾਂ ਲਾ ਕੇ ਬੈਰੀਕੇਡ ਲਗਾ ਦਿੱਤਾ ਹੈ। ਇਸ ਨੂੰ ਤੋੜਨ ਲਈ ਕਿਸਾਨ ਜੇਸੀਬੀ, ਹਾਈਡ੍ਰੌਲਿਕ ਕਰੇਨ ਅਤੇ ਬੁਲੇਟ ਪਰੂਫ ਪੋਕਲੇਨ ਮਸ਼ੀਨ ਵੀ ਨਾਲ ਲੈ ਕੇ ਆਏ ਹਨ।
ਕਿਸਾਨ ਆਗੂਆਂ ਦੀ ਰਣਨੀਤੀ ਅਨੁਸਾਰ ਸਵੇਰੇ 6 ਵਜੇ ਟਰੈਕਟਰ ਲਾਈਨ ਵਿੱਚ ਖੜ੍ਹੇ ਕਰ ਦਿੱਤੇ ਜਾਣਗੇ। ਸ਼ੰਭੂ ਸਰਹੱਦ ‘ਤੇ 1200 ਦੇ ਕਰੀਬ ਟਰੈਕਟਰ ਅਤੇ ਖਨੌਰੀ ਸਰਹੱਦ ‘ਤੇ 800 ਟਰੈਕਟਰ ਖੜ੍ਹੇ ਹਨ। ਉਨ੍ਹਾਂ ਦੀ ਗਿਣਤੀ ਵਧ ਸਕਦੀ ਹੈ।
ਅੱਜ ਅੰਦੋਲਨ ਦਾ 9ਵਾਂ ਦਿਨ ਹੈ। ਅੱਠ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 2 ਕਿਸਾਨ ਅਤੇ 2 ਪੁਲਿਸ ਸਬ-ਇੰਸਪੈਕਟਰ ਸ਼ਾਮਲ ਹਨ।http://PUBLICNEWSUPDATE.COM